North India Times
hp_govt_corona_ad

ਕੈਪਟਨ ਅਤੇ ਮੋਦੀ ਸਰਕਾਰ ਖ਼ਿਲਾਫ਼ ਲੋਕਾਂ ਨੂੰ ਘਰ-ਘਰ ਜਾ ਕੇ ਲਾਮਬੰਦ ਕਰੇਗਾ ‘ਆਪ’ ਯੂਥ ਵਿੰਗ :ਆਪ

ਮਾਫ਼ੀਆ, ਮਹਿੰਗਾਈ, ਬੇਰੁਜ਼ਗਾਰੀ, ਨਸ਼ਿਆਂ ਤੇ ਆਰਥਿਕ ਮੰਦਹਾਲੀ ਵਿਰੁੱਧ ਘਰ-ਘਰ 'ਚ ਆਵਾਜ਼ ਉਠਾਉਣੀ ਜ਼ਰੂਰੀ

ਮੀਤ ਹੇਅਰ ਤੇ ਮਨਜਿੰਦਰ ਸਿੱਧੂ ਦੀ ਪ੍ਰਧਾਨਗੀ ਥੱਲੇ ‘ਆਪ’ ਯੂਥ ਵਿੰਗ ਨੇ ਕੀਤੀ ਰਣਨੀਤਕ ਬੈਠਕ
ਮਹਿੰਗਾਈ ਵਿਰੁੱਧ ਸੋਮਵਾਰ ਨੂੰ ਜ਼ਿਲ੍ਹਾ ਪੱਧਰ ‘ਤੇ ਡਿਪਟੀ ਕਮਿਸ਼ਨਰਾਂ ਨੂੰ ‘ਆਪ’ ਦੇਵੇਗੀ ਮੈਮੋਰੰਡਮ
ਸਿੱਖਿਆ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਕੀਤੀ ਮੰਗ

ਆਮ ਆਦਮੀ ਪਾਰਟੀ (ਆਪ) ਪੰਜਾਬ ਯੂਥ ਵਿੰਗ ਦੇ ਆਬਜ਼ਰਵਰ ਅਤੇ ਨੌਜਵਾਨ ਵਿਧਾਇਕ ਮੀਤ ਹੇਅਰ ਅਤੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਪੰਜਾਬ ਦੇ ਲੋਕਾਂ ਖ਼ਾਸਕਰ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸਰਕਾਰੀ ਸਰਪ੍ਰਸਤੀ ਥੱਲੇ ਚੱਲ ਰਹੇ ਬਹੁਭਾਂਤੀ ਮਾਫ਼ੀਆ, ਹਰ ਰੋਜ਼ ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਚੁਤਰਫ਼ਾ ਆਰਥਿਕ ਮੰਦੀ ਵਿਰੁੱਧ ਹਰ ਘਰ ਨੂੰ ਲਾਮਬੰਦ ਕਰਨ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਫ਼ੈਸਲਾਕੁਨ ਲੜਾਈ ਲੜਨ ਲਈ ਆਮ ਆਦਮੀ ਪਾਰਟੀ ਦਾ ਸਾਥ ਦੇਣ।

ਮੀਤ ਹੇਅਰ ਅਤੇ ਮਨਜਿੰਦਰ ਸਿੰਘ ਸਿੱਧੂ ਨੇ ਇਹ ਸੱਦਾ ‘ਆਪ’ ਯੂਥ ਵਿੰਗ ਦੀ ਚੰਡੀਗੜ੍ਹ ‘ਚ ਸੱਦੀ ਬੈਠਕ ਦੌਰਾਨ ਨੌਜਵਾਨਾਂ ਨੂੰ ਦਿੱਤਾ।

‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਮੀਤ ਹੇਅਰ ਨੇ ਦੱਸਿਆ ਕਿ ਬੈਠਕ ਦਾ ਮੰਤਵ ਯੂਥ ਵਿੰਗ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨਾ ਅਤੇ ਹਰ ਘਰ ਨੂੰ ਬੁਰੀ ਤਰਾਂ ਪ੍ਰਭਾਵਿਤ ਕਰ ਰਹੇ ਭਖਵੇਂ ਮੁੱਦਿਆਂ ਖ਼ਿਲਾਫ਼ ਯੂਥ ਵਿੰਗ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨਾ ਹੈ।

ਮੀਤ ਹੇਅਰ ਨੇ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ, ਨੀਅਤਾਂ ਅਤੇ ਨਖਿੱਧ ਕਾਰਜਸ਼ੈਲੀ ਕਾਰਨ ਅੱਜ ਹਰ ਤਬਕਾ ਤ੍ਰਾਹ-ਤ੍ਰਾਹ ਕਰ ਰਿਹਾ ਹੈ।

ਹਰ ਤਰਫ਼ ਜੰਗਲ ਰਾਜ ਨਜ਼ਰ ਆਉਂਦਾ ਹੈ। ਲੋਕਾਂ ਵੱਲੋਂ ਉਮੀਦ ਨਾਲ ਚੁਣੀ ਗਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਮਾਫ਼ੀਆ ਰਾਹੀਂ ਲੁੱਟ-ਖਸੁੱਟ ਕਰਨ ‘ਚ ਪਿਛਲੀ ਬਾਦਲ ਸਰਕਾਰ ਨੂੰ ਵੀ ਪਿੱਛੇ ਛੱਡ ਗਈ ਹੈ।

ਪੜੇ ਲਿਖੇ ਯੋਗ ਨੌਜਵਾਨ ਲੜਕੇ ਲੜਕੀਆਂ ਚੋਣ ਵਾਅਦਿਆਂ ਮੁਤਾਬਿਕ ਰੁਜ਼ਗਾਰ ਤੇ ਨੌਕਰੀਆਂ ਦੀ ਥਾਂ ਮੰਤਰੀਆਂ ਦੀਆਂ ਗਾਲ੍ਹਾਂ ਅਤੇ ਪੁਲਸ ਦੀਆਂ ਡਾਂਗਾਂ ਖਾ ਰਹੇ ਹਨ।

ਕਿਸਾਨ ਤੇ ਮਜ਼ਦੂਰ ਸਰਕਾਰ ਦੀ ਵਾਅਦਾ ਖ਼ਿਲਾਫ਼ਤ ਕਾਰਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਨਸ਼ਾ ਤਸਕਰੀ ਅਤੇ ਨਸ਼ਿਆਂ ਦੀ ਹੋਮ ਡਿਲਿਵਰੀ ਹਰ ਰੋਜ਼ ਜਵਾਨੀ ਨਿਗਲ ਰਹੀ ਹੈ।

ਮਹਿੰਗਾਈ ਨੇ ਹਰ ਅਮੀਰ-ਗ਼ਰੀਬ ਦਾ ਲੱਕ ਤੋੜ ਰੱਖਿਆ ਹੈ। ਵਪਾਰ-ਕਾਰੋਬਾਰ ਚੌਪਟ ਹੋ ਰਹੇ ਹਨ ਅਤੇ ਆਰਥਿਕ ਮੰਦਹਾਲੀ ਦੀ ਮਾਰ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ।

ਮੀਤ ਹੇਅਰ ਨੇ ਕਿਹਾ ਕਿ ਇਸ ਅੱਤ ਦੇ ਅੰਤ ਲਈ ਘਰ-ਘਰ ‘ਚ ਕੈਪਟਨ ਅਤੇ ਮੋਦੀ ਸਰਕਾਰ ਵਿਰੁੱਧ ਆਵਾਜ਼ ਬੁਲੰਦ ਹੋਣਾ ਜ਼ਰੂਰੀ ਹੋ ਗਿਆ ਹੈ।

ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ‘ਆਪ’ ਯੂਥ ਵਿੰਗ ਘਰ=ਘਰ ਜਾ ਕੇ ਕੈਪਟਨ ਅਤੇ ਮੋਦੀ ਸਰਕਾਰਾਂ ਵੱਲੋਂ ਲੋਕਾਂ ਨਾਲ ਕੀਤੀਆਂ ਵਾਅਦਾ-ਖਿਲਾਫੀਆਂ ਅਤੇ ਥੋਪਿਆ ਜਾ ਰਹੀਆਂ ਤੁਗ਼ਲਕੀ ਨੀਤੀਆਂ ਦੀ ਪੋਲ ਖੋਲ੍ਹੇਗਾ।

ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਸੋਮਵਾਰ 9 ਦਸੰਬਰ ਨੂੰ ਮਹਿੰਗਾਈ ਅਤੇ ਬਿਜਲੀ ਮਾਫ਼ੀਆ ਵਿਰੁੱਧ ਜ਼ਿਲ੍ਹਾ ਪੱਧਰ ‘ਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇਗਾ।

ਮੀਤ ਹੇਅਰ ਅਤੇ ਮਨਜਿੰਦਰ ਸਿੱਧੂ ਨੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਆਪਣੇ ਹੱਕ ਮੰਗ ਰਹੇ ਅਧਿਆਪਕਾਂ (ਜਿਨ੍ਹਾਂ ‘ਚ ਮਹਿਲਾ ਅਧਿਆਪਕਾਵਾਂ ਵੀ ਸ਼ਾਮਲ ਸਨ) ਨੂੰ ਭੱਦੀਆਂ ਗਾਲ੍ਹਾਂ ਕੱਢਣ ਅਤੇ ਪੁਲਸ ਨੂੰ ਡੰਡਾ ਚਲਾਉਣ ਦੇ ਹੁਕਮ ਦੇਣ ਦੇ ਗੰਭੀਰ ਅਪਰਾਧ ਕਾਰਨ ਮੰਤਰੀ ਮੰਡਲ ‘ਚ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ।

ਇਸ ਮੌਕੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਸਿੰਘ ਬੱਲ, ਮਾਲਵਾ ਜ਼ੋਨ ਦੇ ਪ੍ਰਧਾਨ ਕੁਲਜਿੰਦਰ ਸਿੰਘ ਢੀਂਡਸਾ, ਖ਼ਜ਼ਾਨਚੀ ਅੰਮ੍ਰਿਤਪਾਲ ਸਿੰਘ ਸਿੱਧੂ, ਕੁਆਰਡੀਨੇਟਰ ਅਰਸ਼, ਜ਼ਿਲ੍ਹਾ ਪ੍ਰਧਾਨ ਜੱਸੀ ਸੋਹੀਆਵਾਲਾ (ਪਟਿਆਲਾ) ਵੇਦ ਪ੍ਰਕਾਸ਼ ਬੱਬਲੂ (ਅੰਮ੍ਰਿਤਸਰ) ਨਵਦੀਪ ਸੈਣੀ (ਮੋਹਾਲੀ), ਤਰਨਦੀਪ ਸਨੀ (ਜਲੰਧਰ), ਰਾਮ ਕੁਮਾਰ ਮੁਕਾਰੀ (ਰੋਪੜ) ਅਤੇ ਹੋਰ ਹਾਜ਼ਰ ਸਨ।

Leave A Reply

Your email address will not be published.