North India Times
North India Breaking political, entertainment and general news

ਨਾਗਰਿਕਤਾ ਸੋਧ ਐਕਟ ਦਾ ਮੁਕੰਮਲ ਸਰੂਪ ਸਿੱਖ ਵਿਰੋਧੀ ਕਿਵੇਂ ਹੋਇਆ-ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਪੁੱਛਿਆ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਹਿਟਲਰ ਦੀ ਸਵੈ-ਜੀਵਨੀ 'ਮਾਈਨ ਕੰਫ' ਭੇਜੀ, ਕਿਤਾਬ ਪੜ੍ਹ ਕੇ ਇਤਿਹਾਸ ਤੋਂ ਸਿੱਖਣ ਲਈ ਆਖਿਆ

23

Warning: A non-numeric value encountered in /home/northcyp/public_html/wp-content/themes/publisher1/includes/func-review-rating.php on line 212

Warning: A non-numeric value encountered in /home/northcyp/public_html/wp-content/themes/publisher1/includes/func-review-rating.php on line 213

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀ.ਏ.ਏ. ‘ਤੇ ਲਏ ਸਟੈਂਡ ਦੀ ਉਨ੍ਹਾਂ ਵੱਲੋਂ ਕੀਤੀ ਅਲੋਚਨਾ ਨੂੰ ਸੁਖਬੀਰ ਬਾਦਲ ਦੁਆਰਾ ‘ਸਿੱਖ ਵਿਰੋਧੀ’ ਦੱਸਣ ਦੇ ਤਰਕ ‘ਤੇ ਸੁਆਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੂੰ ਇਤਿਹਾਸ ਬਾਰੇ ਸਮਝ ਬਣਾਉਣ ਲਈ ਅਡੋਲਫ ਹਿਟਲਰ ਦੀ ਸਵੈ-ਜੀਵਨੀ ‘ਮਾਈਨ ਕੰਫ’ ਦੀ ਕਾਪੀ ਭੇਜੀ ਹੈ। ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਇਹ ਕਿਤਾਬ ਪੜ੍ਹਣ ਦੀ ਨਸੀਹਤ ਦਿੱਤੀ ਤਾਂ ਕਿ ਉਸ ਨੂੰ ਕੇਂਦਰ ਸਰਕਾਰ ਜਿਸ ਵਿੱਚ ਅਕਾਲੀ ਵੀ ਭਾਈਵਾਲ ਹਨ, ਵੱਲੋਂ ਪਾਸ ਕੀਤੇ ਗੈਰ-ਸੰਵਿਧਾਨਕ ਕਾਨੂੰਨ ਦੇ ਖਤਰਨਾਕ ਸਿੱਟਿਆਂ ਬਾਰੇ ਸਮਝ ਆ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਹਿਟਲਰ ਦੇ ਏਜੰਡੇ ਨੂੰ ਲਾਗੂ ਕਰਨ ਲਈ ਕੇਂਦਰ ਦੀਆਂ ਤਾਜ਼ਾ ਕੋਸ਼ਿਸ਼ਾਂ ਦੇ ਸੰਦਰਭ ਵਿੱਚ ਇਹ ਹੋਰ ਵੀ ਮੱਹਤਵਪੂਰਨ ਹੋ ਜਾਂਦਾ ਹੈ ਕਿ ਅਕਾਲੀ ਲੀਡਰ ਸੀ.ਏ.ਏ. ਬਾਰੇ ਆਪਣਾ ਬੇਤੁੱਕਾ ਪ੍ਰਤੀਕਰਮ ਦੇਣ ਤੋਂ ਪਹਿਲਾਂ ਜਰਮਨ ਦੇ ਸਾਬਕਾ ਚਾਂਸਲਰ ਦੀ ਸਵੈ-ਜੀਵਨੀ ਪੜ੍ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵੱਖ-ਵੱਖ ਅਕਾਲੀ ਲੀਡਰਾਂ ਦੇ ਹਾਲ ਵਿੱਚ ਆਏ ਬਿਆਨਾਂ ਨੇ ਇਸ ਸੰਵੇਦਨਸ਼ੀਲ ਮੁੱਦੇ ‘ਤੇ ਅਕਾਲੀਆਂ ਦੀ ਨਾਸਮਝੀ ਦਾ ਪ੍ਰਗਟਾਵਾ ਕੀਤਾ ਹੈ ਜਦਕਿ ਇਸ ਮੁੱਦੇ ਦੇ ਮੁਲਕ ਲਈ ਡੂੰਘੇ ਮਾਅਨੇ ਹਨ। ਮੁੱਖ ਮੰਤਰੀ ਨੇ ਸੁਖਬੀਰ ਨੂੰ ਆਖਿਆ ਕਿ ਉਹ ਇਹ ਕਿਤਾਬ ਪੜ੍ਹੇ ਅਤੇ ਉਸ ਤੋਂ ਬਾਅਦ ਫੈਸਲਾ ਕਰੇ ਕਿ ‘ਮੁਲਕ ਪਹਿਲਾਂ ਹੈ ਜਾਂ ਸਿਆਸੀ ਸਰੋਕਾਰ।’ ਸੁਖਬੀਰ ਬਾਦਲ ਨੂੰ ਕਿਤਾਬ ਨਾਲ ਭੇਜੀ ਚਿੱਠੀ ਵਿੱਚ ਮੁੱਖ ਮੰਤਰੀ ਨੇ ਕਿਹਾ,”ਸੰਸਦ ਦੇ ਦੋਵਾਂ ਸਦਨਾਂ ਅਤੇ ਵਿਧਾਨ ਸਭਾ ਵਿੱਚ ਇਸ ਬਿੱਲ ਦੇ ਹੱਕ ਵਿੱਚ ਭੁਗਤਣਾ ਅਤੇ ਬਾਕੀ ਪਲੇਟਫਾਰਮਾਂ ‘ਤੇ ਇਸ ਦੀ ਮੁਖਾਲਫ਼ਤ ਕਰਨੀ ਇਕ ਸਿਆਸੀ ਲੀਡਰ ਦੇ ਅਣਜਾਣਪੁਣੇ ਨੂੰ ਦਰਸਾਉਂਦਾ ਹੈ।”

ਆਪਣੇ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਦੇ ਇਜਲਾਸ ਦੌਰਾਨ ਅਕਾਲੀ ਦਲ ਦੇ ਲੀਡਰਾਂ ਨੂੰ ਹਿਟਲਰ ਦੀ ਕਿਤਾਬ ‘ਮਾਈਨ ਕੰਫ’ ਦੀਆਂ ਕਾਪੀਆਂ ਭੇਜਣ ਦਾ ਵਾਅਦਾ ਕੀਤਾ ਸੀ ਜਿਸ ਦਾ ਅੰਗਰੇਜ਼ੀ ਅਨੁਵਾਦ ‘ਮਾਈ ਸਟਰੱਗਲਜ਼’ ਹੈ। ਮੁੱਖ ਮੰਤਰੀ ਨੇ ਲਿਖਿਆ,”ਇਹ ਉਸ (ਹਿਟਲਰ) ਦੇ ਵਿਸ਼ਵਾਸ ਸਨ ਜੋ ਉਸ ਨੇ ਸੱਤਾ ਦੇ ਉਭਾਰ ਦੌਰਾਨ ਜਰਮਨ ਦੇ ਲੋਕਾਂ ਨੂੰ ਵੇਚੇ ਅਤੇ ਬਾਅਦ ਵਿੱਚ ਜਦੋਂ ਨਾਜ਼ੀ ਪਾਰਟੀ ਨੇ ਸੱਤਾ ਸੰਭਾਲੀ ਤਾਂ ਉਸ ਦੀ ਸਰਕਾਰ ਦੀ ਨੀਤੀ ਬਣ ਗਈ।” ਉਨ੍ਹਾਂ ਲਿਖਿਆ,”ਹਿਟਲਰ ਨੇ ਆਪਣੀਆਂ ਇਲਾਕਾਈ ਖਾਹਿਸ਼ਾਂ ਪੂਰੀਆਂ ਕਰਨ ਲਈ ਦੂਜੀ ਵਿਸ਼ਵ ਜੰਗ ਵਿੱਚ ਜਰਮਨ ਨੂੰ ਤਬਾਹ ਕਰਨ ਤੋਂ ਇਲਾਵਾ ਸਾਲ 1933 ਵਿੱਚ ਸੱਤਾ ਸੰਭਾਲਣ ਤੋਂ ਲੈ ਕੇ ਸਾਲ 1945 ਵਿੱਚ ਜੰਗ ਦੇ ਖਾਤਮੇ ਤੱਕ ਦੂਜੇ ਫਿਰਕਿਆਂ ਦੇ ਲੋਕਾਂ ਦਾ ਖਾਤਮਾ ਕਰਕੇ ਜਰਮਨ ਨਸਲ ਦੇ ਸ਼ੁੱਧੀਕਰਨ ਲਈ ਮੁੱਢਲੇ ਤੌਰ ‘ਤੇ ਮੁੱਖ ਵਿਰੋਧੀ ਧਿਰ ਕਮਿਊਨਿਸਟ ਪਾਰਟੀ ਨੂੰ ਹਟਾਉਣਾ, ਬਾਅਦ ਵਿੱਚ ਬੁੱਧੀਜੀਵੀਆਂ ‘ਤੇ ਜ਼ੁਲਮ ਢਾਹੁਣਾ ਅਤੇ ਆਖਰਕਾਰ ਯਹੂਦੀਆਂ ਦਾ ਖਾਤਮਾ ਕਰਨਾ ਸੀ।”

ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਨੂੰ ਲਿਖੇ ਪੱਤਰ ਵਿੱਚ ਕਿਹਾ,”ਕਿਤਾਬ ਪੜ੍ਹੋ ਜਿਵੇਂ ਕਿ ਹਰ ਕੋਈ ਇਤਿਹਾਸ ਤੋਂ ਸਿੱਖਦਾ ਹੈ। ਦੁਨੀਆ ਬਦਲ ਗਈ ਹੈ ਅਤੇ ਸਾਡਾ ਟੈਲੀਵੀਜ਼ਨ ਅਤੇ ਹੋਰ ਮੀਡੀਆ ਸ਼ਕਤੀਸ਼ਾਲੀ ਹਨ ਅਤੇ ਯਕੀਨਨ ਤੌਰ ‘ਤੇ ਤੀਹਵੇਂ ਦਹਾਕੇ ਵਿੱਚ ਜੋਸੇਫ ਗੋਏਬਲਜ਼ ਅਧੀਨ ਜਰਮਨ ਨਾਲੋਂ ਵੱਖਰਾ ਹੈ। ਇਸ ਦੇ ਬਾਵਜੂਦ ਮੁਸਲਮਾਨਾਂ ਅਤੇ ਯਹੂਦੀ ਭਾਈਚਾਰਿਆਂ ਨੂੰ ਖਤਮ ਕਰਨ ਲਈ ਕੈਂਪ ਲਾਉਣ ਅਤੇ ਕੌਮੀ ਰਜਿਸਟਰ ਦੀ ਗੱਲ ਕਰਨਾ ਵੀ ਗਲਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਮੇਤ ਕੁਝ ਸਿਆਸੀ ਪਾਰਟੀਆਂ ਮੁਲਕ ਭਰ ਵਿੱਚ ਯੂਨੀਵਰਸਿਟੀਆਂ ਨਾਲ ਮਿਲ ਕੇ ਰੋਸ ਪ੍ਰਗਟਾ ਰਹੀਆਂ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਬਾਕੀ ਵੀ ਇਸ ਲਹਿਰ ਵਿੱਚ ਸ਼ਾਮਲ ਹੋਣ।”

ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਬੀਤੇ ਦਿਨ ਕੀਤੀ ਟਿਪੱਣੀ ਬਾਰੇ ਮੁੱਖ ਮੰਤਰੀ ਨੇ ਉਸ ਨੂੰ ਇਹ ਦੱਸਣਾ ਲਈ ਕਿਹਾ ਕਿ ਸੀ.ਏ.ਏ. ਦੇ ਮੁੱਦੇ ‘ਤੇ ਅਕਾਲੀਆਂ ਨੂੰ ਐਨ.ਡੀ.ਏ. ਛੱਡਣ ਲਈ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਵੱਲੋਂ ਕੀਤੀ ਮੰਗ ਗਾਂਧੀ ਪਰਿਵਾਰ ਦੀ ‘ਅਧੀਨਗੀ’ ਕਿਵੇਂ ਹੋਈ। ਉਨ੍ਹਾਂ ਨੇ ਸੁਖਬੀਰ ਨੂੰ ਆਖਿਆ,”ਜਾਂ ਫਿਰ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਸੀ.ਏ.ਏ ਵਿਰੁੱਧ ਸੜਕਾਂ ‘ਤੇ ਉੱਤਰੇ ਲੱਖਾਂ ਲੋਕ ਵੀ ਗਾਂਧੀ ਪਰਿਵਾਰ ਦੀ ਖੁਸ਼ਾਮਦ ਲਈ ਅਜਿਹਾ ਕਰ ਰਹੇ ਹਨ।”

ਸੁਖਬੀਰ ਵੱਲੋਂ ਇਹ ਕਹਿਣਾ ਕਿ ਮੁੱਖ ਮੰਤਰੀ ਆਪਣੀ ਕੁਰਸੀ ਬਚਾਉਣ ਲਈ ਅਜਿਹਾ ਕਰ ਰਹੇ ਹਨ ਤਾਂ ਇਸ ਦਾ ਮੂੰਹ-ਤੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ, ”ਉਨ੍ਹਾਂ ਦੀ ਕੁਰਸੀ ਤਾਂ ਪੂਰੀ ਤਰ੍ਹਾਂ ਸੁਰੱਖਿਅਤ ਹੈ ਪਰ ਅਜਿਹਾ ਜਾਪਦਾ ਹੈ ਕਿ ਤਹਾਨੂੰ ਆਪਣੀ ਪਤਨੀ ਹਰਸਿਮਰਤ ਬਾਦਲ ਦੀ ਕੇਂਦਰੀ ਮੰਡਲ ਮੰਡਲ ਵਿੱਚ ਮਿਲੀ ਕੁਰਸੀ ਦਾ ਫਿਕਰ ਸਤਾ ਰਿਹਾ ਹੈ ਅਤੇ ਉਹ ਕਿਸੇ ਵੀ ਕੀਮਤ ‘ਤੇ ਇਸ ਨੂੰ ਛੱਡਣਾ ਨਹੀਂ ਚਾਹੁੰਦੇ।” ਕੈਪਟਨ ਅਮਰਿੰਦਰ ਸਿੰਘ ਨੇ ਚੁਟਕੀ ਲੈਂਦਿਆਂ ਕਿਹਾ ਕਿ ਇਹੀ ਇਕ ਕਾਰਨ ਹੋ ਸਕਦਾ ਹੈ ਕਿ ਸੀ.ਏ.ਏ. ਵਿਰੁੱਧ ਸਟੈਂਡ ਲੈਣ ਦਾ ਦਾਅਵਾ ਕਰਨ ਦੇ ਬਾਵਜੂਦ ਅਕਾਲੀ ਦਲ ਵੱਲੋਂ ਐਨ.ਡੀ.ਏ. ਤੋਂ ਬਾਹਰ ਆਉਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ।

ਸੁਖਬੀਰ ਦੀ ਟਿੱਪਣੀ ਨੂੰ ਸਿੱਧੇ ਤੌਰ ‘ਤੇ ਦੂਹਰਾ ਸਟੈਂਡ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦਾ ਪ੍ਰਧਾਨ ਜਾਣਬੁੱਝ ਕੇ ਉਨ੍ਹਾਂ ਦੇ ਬਿਆਨਾਂ ਨੂੰ ਤੋੜ-ਮਰੋੜ ਰਿਹਾ ਹੈ ਤਾਂ ਕਿ ਸੀ.ਏ.ਏ ਬਾਰੇ ਉਨ੍ਹਾਂ ਦੀ ਸਰਕਾਰ ਵੱਲੋਂ ਲਏ ਸਟੈਂਡ ‘ਤੇ ਲੋਕਾਂ ਨੂੰ ਮੂਰਖ ਬਣਾ ਸਕੇ। ਮੁੱਖ ਮੰਤਰੀ ਨੇ ਕਿਹਾ,”ਜਾਂ ਤਾਂ ਉਹ ਏਨਾ ਅਣਜਾਣ ਹੈ ਕਿ ਉਸ ਨੂੰ ਅਧੂਰੇ ਕਾਨੂੰਨ ਅਤੇ ਮੁਕੰਮਲ ਕਾਨੂੰਨ ਦਰਮਿਆਨ ਵਖਰੇਵਿਆਂ ਦੀ ਸਮਝ ਨਹੀਂ ਹੈ ਕਿਉਂ ਜੋ ਸੰਪੂਰਨ ਕਾਨੂੰਨ ਮੁਸਲਮਾਨਾਂ ਅਤੇ ਸਿੱਖਾਂ ਸਮੇਤ ਸਮੂਹ ਭਾਈਚਾਰਿਆਂ ਨੂੰ ਨਾਗਰਿਕਤਾ ਦੀ ਇਜਾਜ਼ਤ ਦਿੰਦਾ ਹੈ ਜਦਕਿ ਕੇਂਦਰ ਸਰਕਾਰ ਦਾ ਮੌਜੂਦਾ ਕਾਨੂੰਨ ਮੁਸਲਮਾਨਾਂ ਅਤੇ ਯਹੂਦੀਆਂ ਵਰਗੇ ਕੁਝ ਵਰਗਾਂ ਨੂੰ ਬਾਹਰ ਰੱਖਦਾ ਹੈ।”

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਸੁਖਬੀਰ ਬਾਦਲ ਇਸ ਸਬੰਧ ਵਿੱਚ ਮੈਥੋਂ ਕੀ ਸਪੱਸ਼ਟੀਕਰਨ ਚਾਹੁੰਦਾ ਹੈ। ਕੀ ਉਹ ਮੈਨੂੰ ਇਕ ਵੀ ਅਜਿਹੀ ਮਿਸਾਲ ਜਾਂ ਬਿਆਨ ਦਾ ਹਵਾਲਾ ਦੇ ਸਕਦਾ ਹੈ ਜਿੱਥੇ ਮੈਂ ਸਤਾਏ ਹੋਏ ਸਿੱਖਾਂ ਜਾਂ ਇਸ ਸਬੰਧ ਵਿੱਚ ਸਤਾਏ ਹੋਏ ਹਿੰਦੂਆਂ ਅਤੇ ਬੋਧੀਆਂ ਦੇ ਮਾਮਲੇ ਵਿੱਚ ਇਨ੍ਹਾਂ ਨੂੰ ਰਾਹਤ ਦੇਣ ਦਾ ਵਿਰੋਧ ਕੀਤਾ ਹੋਵੇ।” ਮੁੱਖ ਮੰਤਰੀ ਨੇ ਕਿਹਾ ਕਿ ਉਹ ਸਦਾ ਹੀ ਸਿੱਖਾਂ ਦੇ ਹਿੱਤਾਂ ਅਤੇ ਅਧਿਕਾਰਾਂ ਲਈ ਨਿੱਜੀ ਤੌਰ ‘ਤੇ ਖੜ੍ਹਦੇ ਆਏ ਹਨ ਅਤੇ ਕਿਸੇ ਵੀ ਮੌਕੇ ‘ਤੇ ਉਨ੍ਹਾਂ ਨੇ ਸਿੱਖਾਂ ਨੂੰ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਣ ਦੀ ਗੱਲ ਨਹੀਂ ਕੀਤੀ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਜਿਹੇ ਮਨਘੜਤ ਝੂਠ ਮਾਰਨੇ ਬੰਦ ਕਰਨ ਲਈ ਆਖਿਆ।

ਮੁੱਖ ਮੰਤਰੀ ਨੇ ਕਿਹਾ ਕਿ ਦਰਅਸਲ ਸੁਖਬੀਰ ਨੂੰ ਪਿਛਲੇ ਕੁਝ ਦਿਨਾਂ ਤੋਂ ਕੀਤੀ ਜਾ ਰਹੀ ਆਪਾ-ਵਿਰੋਧੀ ਬਿਆਨਬਾਜ਼ੀ ਨੂੰ ਵਿਚਾਰਦਿਆਂ ਸੀ.ਏ.ਏ. ਦੇ ਮੁੱਦੇ ‘ਤੇ ਆਪਣਾ ਅਤੇ ਪਾਰਟੀ ਦਾ ਸਟੈਂਡ ਸਪੱਸ਼ਟ ਕਰਨ ਦੀ ਲੋੜ ਹੈ।” ਮੁੱਖ ਮੰਤਰੀ ਨੇ ਕਿਹਾ,”ਪਹਿਲਾਂ ਤਾਂ ਅਕਾਲੀਆਂ ਨੇ ਸੰਸਦ ਵਿੱਚ ਖੁੱਲ੍ਹੇਦਿਲ ਨਾਲ ਸੀ.ਏ.ਏ. ਦੇ ਹੱਕ ਵਿੱਚ ਮੇਜ਼ ਥਪਥਪਾਏ, ਬਾਅਦ ਵਿੱਚ ਕੁਝ ਅਕਾਲੀ ਲੀਡਰ ਕਹਿਣ ਲੱਗੇ ਕਿ ਉਹ ਮੁਸਲਮਾਨਾਂ ਨੂੰ ਸੀ.ਏ.ਏ. ਵਿੱਚ ਸ਼ਾਮਲ ਕਰਨਾ ਚਾਹੁੰਦੇ ਹਨ ਜਦਕਿ ਇਨ੍ਹਾਂ ਨੇ ਸੰਸਦ ਵਿੱਚ ਇਹ ਕਿਉਂ ਨਹੀਂ ਆਖਿਆ। ਇਸ ਤੋਂ ਬਾਅਦ ਇਨ੍ਹਾਂ ਦੇ ਲੀਡਰਾਂ ਵਿੱਚੋਂ ਕੁਝ ਇਕ ਨੇ ਕਿਹਾ ਕਿ ਉਹ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਲੜਨਗੇ ਕਿਉਂਕਿ ਉਹ ਸੀ.ਏ.ਏ. ਬਾਰੇ ਆਪਣੇ ਸਟੈਂਡ ‘ਤੇ ਮੁੜ ਗੌਰ ਕਰਨ ਲਈ ਤਿਆਰ ਨਹੀਂ ਹਨ ਜਦਕਿ ਕਿਸੇ ਨੂੰ ਇਹ ਨਹੀਂ ਪਤਾ ਕਿ ਅਕਾਲੀਆਂ ਦਾ ਅਸਲ ਵਿੱਚ ਸੀ.ਏ.ਏ. ‘ਤੇ ਸਟੈਂਡ ਕੀ ਹੈ।” ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਇਸ ਵਿਵਾਦਤ ਮੁੱਦੇ ‘ਤੇ ਸਪੱਸ਼ਟ ਸਟੈਂਡ ਲੈਣ ਲਈ ਆਖਿਆ।

You might also like

Comments are closed.